ਹੰਸ ਰਾਮ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੰਸ ਰਾਮ: ਬਾਜਪੇਈ ਬ੍ਰਾਹਮਣ , ਫ਼ਤਿਹਪੁਰ ਜ਼ਿਲੇ ‘ਚੋਂ ਆਇਆ ਸੀ ਜਿਹੜਾ ਮੌਜੂਦਾ ਉੱਤਰ ਪ੍ਰਦੇਸ਼ ਵਿਚ ਹੈ। ਸੰਸਕ੍ਰਿਤ ਦੀਆਂ ਕਾਲ ਜੇਤੂ ਰਚਨਾਵਾਂ ਨੂੰ ਗੁਰਮੁਖੀ ਲਿਪੀ ਰਾਹੀਂ ਬ੍ਰਜ ਭਾਸ਼ਾ ਵਿਚ ਅਨੁਵਾਦ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਉੱਚ ਕੋਟੀ ਦੇ ਵਿਦਵਾਨ ਅਤੇ ਕਵੀ ਭਰਤੀ ਕੀਤੇ ਹੋਏ ਸਨ। ਹੰਸ ਰਾਮ ਉਹਨਾਂ ਕਵੀਆਂ ਵਿਚੋਂ ਇਕ ਸੀ। ਹੰਸ ਰਾਮ ਨੇ ਮਹਾਂਭਾਰਤ ਦੇ ਕਰਣ ਪਰਵ ਦਾ ਤਰਜਮਾ ਕੀਤਾ ਸੀ। 1581 ਪੈਰੇ ਤੇ ਮੱਘਰ ਵਦੀ 2, 1752 ਬਿਕਰਮੀ/12 ਨਵੰਬਰ 1695 ਈ. ਨੂੰ ਇਹ ਕੰਮ ਸ਼ੁਰੂ ਕੀਤਾ ਦੱਸਿਆ ਗਿਆ ਹੈ ਅਤੇ ਕਵੀ ਦੇ ਆਪਣੇ ਕਥਨ ਅਨੁਸਾਰ, ਗੁਰੂ ਜੀ ਨੇ ਇਸ ਨੂੰ ਇਹ ਕੰਮ ਪੂਰਾ ਹੋਣ ‘ਤੇ ਇਨਾਮ ਵਜੋਂ 60,000 ਟਕੇ (ਚਾਂਦੀ ਦੇ ਸਿੱਕੇ ਰੁਪਏ) ਦਿੱਤੇ। ਕਵੀ ਨੇ ਗੁਰੂ ਜੀ ਦੀਆਂ ਦਾਤਾਂ ਅਤੇ ਜੰਗਾਂ ਵਿਚ ਬਹਾਦਰੀ ਦੇ ਸੋਹਲੇ ਗਾਏ ਹਨ। ਹੰਸ ਰਾਮ ਦੇ ਕਰਣ ਪਰਵ ਦਾ ਖਰੜਾ ਮਹਾਂਭਾਰਤ ਦਾ ਇਕ ਹਿੱਸਾ ਹੈ (ਪੰਨੇ 711-882) ਜਿਹੜਾ ਕਿ ਮਹਾਰਾਜਾ ਪਟਿਆਲੇ ਦੀ ਨਿੱਜੀ ਲਾਇਬ੍ਰੇਰੀ ਵਿਚ ਪਿਆ ਹੈ। ਕਿਹਾ ਜਾਂਦਾ ਹੈ ਕਿ ਇਸਦੀ ਦੇਵਨਾਗਰੀ ਲਿਪੀ ਵਿਚ ਇਕ ਕਾਪੀ ਵਾਰਾਣਸੀ ਦੇ ਮਹਾਰਾਜੇ ਦੀ ਨਿੱਜੀ ਲਾਇਬ੍ਰੇਰੀ ਵਿਚ ਪਈ ਹੈ।


ਲੇਖਕ : ਪ.ਸ.ਪ. ਅਤੇ ਅਨੁ.: ਰ.ਕ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 695, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਹੰਸ ਰਾਮ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ

ਹੰਸ ਰਾਮ : ਕਵੀ ਹੰਸ ਰਾਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਤਕ ਦਰਬਾਰ ਦਾ ਇਕ ਮਹਾਨ ਕਵੀ ਸੀ। ਇਸ ਨੇ ਹੋਰ ਰਚਨਾਵਾਂ ਤੋਂ ਛੁੱਟ ਮਹਾਭਾਰਤ ਦੇ ‘ਕਰਣ ਪਰਵ’ ਦਾ ਹਿੰਦੀ ਕਵਿਤਾ ਵਿਚ ਅਨੁਵਾਦ ਕੀਤਾ। ਜਦੋਂ ਹੰਸ ਰਾਮ ਨੇ ‘ ਕਰਣ ਪਰਵ’ ਦਾ ਅਨੁਵਾਦ ਮੁਕੰਮਲ ਕੀਤਾ ਤਾਂ ਗੁਰੂ ਸਾਹਿਬ ਵੱਲੋਂ ਇਸ ਨੂੰ ਸੱਠ ਹਜ਼ਾਰ ਟਕਾ ਇਨਾਮ ਵਜੋਂ ਦਿੱਤਾ ਗਿਆ, ਜਿਸਦਾ ਜ਼ਿਕਰ ਇਸਨੇ ਇਉਂ ਕੀਤਾ ਹੈ :–

                   “ਪ੍ਰਿਥਮ ਕ੍ਰਿਪਾ ਕਰ ਰਾਖਿ ਕਰ, ਗੁਰੂ ਗੋਬਿੰਦ ਉਦਾਰ,

                   ਟਕਾ ਕਰੇ ਬਖ਼ਸ਼ੀਸ਼ ਤਬ, ਮੋ ਕੋ ਸਾਠ ਹਜ਼ਾਰ।

                   ਤਾਂ ਕੋ ਆਯਸ ਪਾਯਕੈ, ‘ਕਰਣ ਪਰਵ’ ਮੈਂ ਕੀਨ,

                   ਭਾਖਾ ਅਰਥ ਵਿਚਿਤ੍ਰ ਕਰ, ਸੁਨੇ ਸੁਕਵਿ ਪਰਬੀਨ। ’’

          ਇਸ ਰਚਨਾ ਦੇ 1581 ਛੰਦ ਹਨ। ਇਸਦਾ ਹੱਥ–ਲਿਖਤ ਖਰੜਾ ਮੋਤੀਬਾਗ਼ ਪਟਿਆਲੇ ਦੀ ਲਾਇਬ੍ਰੇਰੀ ਵਿਚ ਮੌਜੂਦ ਹੈ। ਇਤਨੀ ਕੁ ਰਚਨਾ ਲਈ ਇਤਨੀ ਰਕਮ ਦਿੱਤੀ ਜਾਣੀ ਇਸ ਗੱਲ ਨੂੰ ਪਰਗਟ ਕਰਦੀ ਹੈ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਵਿਦਵਾਨਾਂ ਦੀ ਕਦਰ ਕਰਦੇ ਸਨ ਤੇ ਉਨ੍ਹਾਂ ਨੂੰ ਬਣਦੇ ਇਵਜ਼ਾਨੇ ਤੋਂ ਇਲਾਵਾ ਵੀ ਖੁੱਲ੍ਹੇ ਹੱਥੀ ਦਾਨ ਦੇਕੇ ਨਿਵਾਜਦੇ ਰਹਿੰਦੇ ਸਨ। ਇਸ ਅਨੋਖੀ ਉਦਾਰਤਾ ਨੂੰ ਕਵੀ ਹੰਸ ਰਾਮ ਨੇ ਬੜੇ ਨਾਟਕੀ ਢੰਗ ਨਾਲ ਅੰਕਿਤ ਕੀਤਾ ਹੈ।

          ਇਕ ਵਾਰ ਕਿਤੇ ਕਵੀ ਮੰਡਲੀ ਗੁਰੂ ਸਾਹਿਬ ਦੀਆਂ ਬਖ਼ਸ਼ਸ਼ਾਂ ਤੋਂ ਵਰੋਸਾਕੇ ਚਲੀ ਜਾ ਰਹੀ ਸੀ ਤੇ ਮਾਲੂਮ ਇਉਂ ਹੁੰਦਾ ਸੀ ਜਿਵੇਂ ਕੋਈ ਫ਼ੌਜੀ ਦਸਤਾ ਚੜ੍ਹਾਈ ਕਰ ਰਿਹਾ ਹੋਵੇ। ਕਵੀ ਆਮ ਲੋਕਾਂ ਨੂੰ ਸਮਝਾਉਂਦਾ ਹੋਇਆ ਕਹਿੰਦਾ ਹੈ ਕਿ ਇਸ ਤੋਂ ਘਬਰਾਓ ਨਹੀਂ, ਇਹ ਕੋਈ ਸੈਨਿਕ ਦਲ ਨਹੀਂ ਬਲਕਿ ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਤੋਂ ਕਵੀਆਂ ਦਾ ਜਥਾ ਚਲਿਆ ਜਾ ਰਿਹਾ ਹੈ , ਇਹ ਲਿਖਦਾ ਹੈ :––

                   ਦੁਦਭੀ ਧੁੰਕਾਰੇ ਬਾਜੇ ਮਾਨੋ ਜਲਧਰ ਗਾਜੇ

                   ਗਜਤ ਨਿਸਾਨ ਭਯ ਭਾਨੁ ਛਿਪ ਜਾਤ ਹੈਂ :

                   ਹਾਥਿਨ ਕੇ ਹਲਕਾ ਹਜਾਰਨਿ ਗਨੇ ਕੋ ਹਯਾ

                   ਜਟਤ ਜਵਾਹਰ ਜੇ ਜਗ ਮਗ ਗਾਤ ਹੈਂ।

                   ਕੋਰ ਸਾਜੇ ਜੋਰ ਕਰ ਨਾਲਨ ਕੋ ਸ਼ੋਰ ਸੁਨਿ

                   ਸੰਕਤ ਸੁਰੇਸ਼ ਔ ਨਰੇਸ਼ ਬਿਲਖਾਤ ਹੈਂ।

                   ‘ਹੰਸ ਰਾਮ’ ਕਹਿਤ ਬਿਰਾਜੋ ਜਿਨ ਭਾਜੋ ਗੁਰ

                   ਗੋਬਿੰਦ ਕੋ ਮਾਂਗੇ ਕਵੀ ਰਾਜ ਚਲੇ ਜਾਤ ਹੈਂ।

          ‘ਕਰਣ ਪਰਵ’ ਤੋਂ ਇਲਾਵਾ ਹੰਸ ਰਾਮ ਦੇ ਰਚੇ ਕਈ ਹੋਰ ਫੁਟਕਲ ਛੰਦ ਮਿਲਦੇ ਹਨ, ਜੋਕਿ ਭਾਈ ਸੰਤੋਖ ਸਿੰਘ ਜੀ ਨੇ ਗੁਰ ਪ੍ਰਤਾਪ ਸੂਰਜ ਵਿਚ ਦਰਜ ਕੀਤੇ ਹਨ।

          ਹੰਸ ਰਾਮ ਇਕ ਸਪਸ਼ਟ ਵਕਤਾ ਕਵੀ ਹੈ, ਇਸ ਵਿਚ ਨਾਟਕੀ ਗੁਣ ਘੱਟ ਹੈ ਪਰ ਗੰਭੀਰਤਾ ਦਾ ਤੱਤ ਵਧੀਕ ਹੈ।

          ਹ. ਪੁ. ––ਮ. ਕੋ. 284; ਪੰ. ਸਾ. ਇ––ਪੰਜਾਬ 1 : 154


ਲੇਖਕ : ਪਿਆਰਾ ਸਿੰਘ ਪਦਮ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਛੇਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 497, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-12, ਹਵਾਲੇ/ਟਿੱਪਣੀਆਂ: no

ਹੰਸ ਰਾਮ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਹੰਸ ਰਾਮ :  ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰੀ ਕਵੀ ਸੀੇ। ਗੁਰੂ ਜੀ ਨੇ ਨਾ ਕੇਵਲ ਖ਼ੁਦ ਸਾਹਿਤ ਰਚਿਆ ਸਗੋਂ ਆਪਣੇ ਦਰਬਾਰੀ ਕਵੀਆਂ ਨੂੰ ਵੀ ਸਾਹਿਤ ਰਚਣ ਦੀ ਪ੍ਰੇਰਨਾ ਦਿੱਤੀ। ਇਸ ਕਵੀ ਨੇ ਆਨੰਦਪੁਰ ਸਾਹਿਬ ਵਿਖੇ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਰਹਿ ਕੇ ਮਹਾਂਭਾਰਤ ਦੇ ਕਰਨ ਪਰਵ ਦਾ ਅਨੁਵਾਦ ਹਿੰਦੀ ਕਵਿਤਾ ਵਿਚ ਕੀਤਾ, ਗੁਰੂ ਸਾਹਿਬ ਨੇ ਇਸ ਨੂੰ 60 ਹਜ਼ਾਰ ਟਕੇ ਇਨਾਮ ਵੱਜੋਂ ਦਿੱਤੇ ਸਨ। ਇਸ ਨੇ ਹੋਰ ਵੀ ਰਚਨਾਵਾਂ ਕੀਤੀਆਂ।

     ਹੰਸ ਰਾਮ ਦੀ ਕਵਿਤਾ ਵਿਚ ਗੰਭੀਰਤਾ ਕਾਫ਼ੀ ਜ਼ਿਆਦਾ ਹੈ ਪਰ ਨਾਟਕੀ ਗੁਣਾਂ ਦੀ ਕਮੀ ਹੈ।

      ਗੁਰੂ ਜੀ ਦੁਆਰਾ ਜਾਤ ਪਾਤ ਦਾ ਖਿਆਲ ਨਾ ਰੱਖੇ ਜਾਣ ਅਤੇ ਸਭ ਨੂੰ ਸਮਾਨ ਸਮਝਣ ਬਾਰੇ ਹੰਸ ਰਾਮ ਕਵੀ ਲਿਖਦਾ ਹੈ–

        ਚਾਰ ਬਰਨ ਚਾਰੋ ਜਹਾਂ ਆਸ੍ਰਮ ਕਰਤ ਅਨੰਦ ।

       ਤਾ ਕੋ ਨਾਮ ਅਨੰਦਪੁਰ ਹੈ ਅਨੰਦ ਕੋ ਕੰਦ ।

       ਇਸ ਕਵੀ ਨੇ ਆਪਣੀ ਕਵਿਤਾ ਵਿਚ ਇਸ ਗੱਲ ਦਾ ਵੀ ਵਰਣਨ ਕੀਤਾ ਹੈ ਕਿ ਗੁਰੂ ਸਾਹਿਬ ਆਪਣੇ ਦਰਬਾਰੀ ਕਵੀਆਂ ਨੂੰ ਕਾਫ਼ੀ ਮਾਣ ਅਤੇ ਇਨਾਮ ਦਿੰਦੇ ਸਨ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 442, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-04-03-03-10, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ਪੰ. ਸਾ. ਇ. -ਪੰਜਾਬੀ ਯੂਨੀ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.